ਸ਼ਹਿਦ ਮੱਖੀ ਪਾਲਣ ਪ੍ਰਤੀ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਤਹਿਤ ਕ੍ਰਿਸ਼ੀ ਵਿਗਿਆਨ ਕੇਂਦਰ, ਐਸ.ਏ.ਐਸ. ਨਗਰ ਦੁਆਰਾ ਡਿਪਟੀ ਡਾਇਰੈਕਟਰ ਡਾ. ਬਲਬੀਰ ਸਿੰਘ ਖੱਦਾ ਦੀ ਰਹਿਨੁਮਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸਹਿਯੋਗ ਨਾਲ ਕਿੱਤਾ ਮੁਖੀ ਸਿਖਲਾਈ ਕੋਰਸ ਲਗਾਇਆ ਗਿਆ। ਪ੍ਰੋਗਰਾਮ ਇੰਚਾਰਜ ਡਾ. ਹਰਮੀਤ ਕੌਰ ਨੇ ਕਿਸਾਨਾਂ ਨੂੰ ਸ਼ਹਿਦ ਮੱਖੀ ਦੀਆਂ ਕਿਸਮਾਂ, ਜੀਵਨ ਚੱਕਰ, ਸ਼ਹਿਦ ਮੱਖੀਆਂ ਦਾ ਕੀੜੇ ਅਤੇ ਬਿਮਾਰੀਆਂ ਤੋਂ ਬਚਾਅ, ਸ਼ਹਿਦ ਕੱਢਣਾ ਅਤੇ ਖੇਤੀ ਜ਼ਹਿਰਾਂ ਤੋਂ ਸੁਰੱਖਿਆ ਸੰਬੰਧੀ ਜਾਣਕਾਰੀ ਦਿੱਤੀ। ਪ੍ਰੋਗਰਾਮ ਦੌਰਾਨ ਸਿਖਿਆਰਥੀਆਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਏਪੀਆਰੀ ਦਾ ਦੌਰਾ ਕਰਵਾਇਆ ਗਿਆ ਜਿੱਥੇ ਡਾ. ਅੰਮਿਤ ਚੌਧਰੀ ਨੇ ਸ਼ਹਿਦ ਮੱਖੀ ਪਾਲਣ ਸੰਬੰਧੀ ਜ਼ਰੂਰੀ ਨੁਕਤੇ ਸਾਂਝੇ ਕੀਤੇ ਅਤੇ ਇਟਾਲੀਅਨ ਮੱਖੀ ਦੇ ਕਟੁੰਬ ਦਿਖਾਏ। ਡਾ. ਮੁਨੀਸ਼ ਸ਼ਰਮਾ ਨੇ ਸ਼ਹਿਦ ਮੱਖੀਆਂ ਲਈ ਲਾਭਦਾਇਕ ਫੁੱਲ ਫੁਲਾਕੇ ਸੰਬੰਧੀ ਦੱਸਿਆ। ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਜਗਦੀਸ਼ ਕਾਹਮਾ ਨੇ ਇਸ ਧੰਦੇ ਸੰਬੰਧੀ ਸਬਸਿਡੀ ਬਾਰੇ ਚਾਨਣਾ ਪਾਇਆ। ਅਗਾਂਹਵਧੂ ਮੱਖੀ ਪਾਲਕ ਸ. ਰਛਪਾਲ ਸਿੰਘ ਅਤੇ ਸ. ਦਲੀਪ ਸਿੰਘ ਨੇ ਸਿਖਿਆਰਥੀਆਂ ਨੂੰ ਸ਼ਹਿਦ ਮੱਖੀ ਦੇ ਬਕਸਿਆਂ ਵਿੱਚ ਸ਼ਹਿਦ ਤੋਂ ਇਲਾਵਾ ਹੋਰ ਹਾਈਵ ਪਦਾਰਥ ਪ੍ਰਾਪਤ ਕਰਨ ਸੰਬੰਧੀ ਨੁਕਤੇ ਸਾਂਝੇ ਕੀਤੇ। ਉਹਨਾਂ ਵੱਖ-ਵੱਖ ਮੌਸਮਾਂ ਵਿੱਚ ਬਕਸਿਆਂ ਦੀ ਸਾਂਭ-ਸੰਭਾਲ ਬਾਰੇ ਦੱਸਿਆ। ਇਸ ਮੌਕੇ ਡਾ. ਬਲਬੀਰ ਸਿੰਘ ਖੱਦਾ, ਮੁੱਖ ਖੇਤੀਬਾੜੀ ਅਫਸਰ, ਡਾ. ਗੁਰਮੇਲ ਸਿੰਘ ਅਤੇ ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ ਸਕੀਮ) ਸ਼ਿਖਾ ਸਿੰਗਲਾ ਨੇ ਸਿਖਿਆਰਥੀਆਂ ਨੂੰ ਇਸ ਸਹਾਇਕ ਧੰਦੇ ਨੂੰ ਅਪਣਾ ਕੇ ਵਧੇਰੇ ਲਾਹਾ ਲੈਣ ਲਈ ਪ੍ਰੇਰਿਆ।